|
ਬਹਾਦਰਾਂ ਦੀ ਇਸ ਕੌਮ ਦਾ ਧਾਰਮਿਕ ਮੁਖੀ ਕੈਸਾ ਹੋਵੇ? ਅਕਾਲੀ ਫੂਲਾ ਸਿੰਘ ਵਰਗਾ ਜਾਂ...?
ਉੱਚ ਅਹੁਦੇ ਵਾਲਿਆਂ ਮੁਖੀਆਂ ਦਾ ਜੀਵਨ ਪਾਕ ਪਵਿੱਤਰ ਹੋਵੇ ਜਾਂ...?
ਧਾਰਮਿਕ ਮੁਖੀ ਦੀ ਵਿਦਿਅਕ ਯੋਗਤਾ ਉੱਚ ਪਾਏ ਦੀ ਹੋਵੇ ਜਾਂ...?
ਧਾਰਮਿਕ ਮੁਖੀ ਗੁਰਬਾਣੀ ਅਨੁਸਾਰ ਫੈਸਲੇ ਕਰਨ ਵਾਲਾ ਹੋਵੇ ਜਾਂ...?
ਧਾਰਮਿਕ ਮੁਖੀ ਇਕ ਨਿਮਰਤਾ ਵਾਲਾ ਸਿੱਖ ਹੋਵੇ ਜਾਂ...?
ਧਾਰਮਿਕ ਮੁਖੀ ਆਪਣੇ ਵਿਚਾਰ ਅਤੇ ਕਿਰਦਾਰ ਰਾਹੀਂ ਪੰਥ ਨੂੰ ਜੋੜਨ ਵਾਲਾ ਹੋਵੇ ਜਾਂ...?
ਧਾਰਮਿਕ ਮੁਖੀ ਗੁਰਮਤਿ ਅਨੁਸਾਰੀ ਫੈਸਲੇ ਲੈ ਸਕਣ ਦੀ ਦਲੇਰੀ ਕਰਨ ਵਾਲਾ ਹੋਵੇ ਜਾਂ...?
ਹੁਕਮਨਾਮਾ ਸਤਿਗੁਰੂ ਜੀ ਦੀ ਬਾਣੀ ਦਾ ਉੱਤਮ ਹੈ ਜਾਂ ਧਾਰਮਿਕ ਮੁਖੀ ਦਾ ...?
ਸਿੱਖ ਕੌਮ ਦੇ ਸਾਂਝੇ ਮਸਲੇ ਸਰਬੱਤ ਖ਼ਾਲਸਾ ਹੱਲ ਕਰੇ ਜਾਂ...?
ਸਤਿਗੁਰੂ ਜੀ ਨੇ ਖ਼ਾਲਸੇ ਨੂੰ ਸੁਤੰਤਰ ਕੀਤਾ ਹੈ ਜਾਂ ਗ਼ੁਲਾਮ...?
ਧਾਰਮਿਕ ਮੁਖੀ ਪੰਥ ਪ੍ਰਵਾਣਿਤ ''ਸਿੱਖ ਰਹਿਤ ਮਰਯਾਦਾ'' ਮੰਨਣ ਵਾਲਾ ਹੋਵੇ ਜਾਂ...?
ਉਪਰੋਕਤ ਕੁੱਝ ਮਹੱਤਵਪੂਰਨ ਸਵਾਲ ਜਾਗਦੀ ਆਤਮਾ ਵਾਲੇ ਗੁਰਸਿੱਖਾਂ ਸਨਮੁਖ ਰੱਖੇ ਹਨ। ਅੱਜ ਜੋ ਹਾਲਾਤ ਸਾਡੇ ਬਹੁਤ ਉੱਚੇ ਅਹੁਦਿਆਂ ਤੇ ਬਿਰਾਜਮਾਨ ਸਿੱਖ ਮੁਖੀਆਂ ਦੀ ਨਜ਼ਰ ਆ ਰਹੇ ਹਨ, ਉਸਨੂੰ ਪੜ੍ਹ-ਸੁਣ ਕੇ ਹਰ ਇੱਕ ਗੁਰੂ ਪਿਆਰ ਵਾਲੇ ਦਾ ਫਿਕਰਮੰਦ ਹੋਣਾ ਸੁਭਾਵਕ ਹੈ। ਪਿਛਲੇ ਲੰਮੇ ਸਮੇਂ ਤੋ ਬੇਈਮਾਨ ਰਾਜਸੀ ਲੋਕਾਂ ਨੇ ਜਿਥੇ ਪੰਜਾਬ ਅਤੇ ਸਿੱਖਾਂ ਦਾ ਹਰ ਪੱਖੋਂ ਬੇਅੰਤ ਨੁਕਸਾਨ ਕੀਤਾ ਹੈ, ਉਥੇ ਇਹਨਾਂ ਧਰਮ ਦੋਖੀਆਂ ਨੇ ਸਿੱਖ ਧਰਮ ਅਤੇ ਗੁਰਦੁਆਰਿਆਂ ਨੂੰ ਆਪਣੀਆਂ ਨਿੱਜੀ ਲੋੜਾਂ ਵਾਸਤੇ ਵਰਤਿਆ ਹੈ। ਸਿੱਖਾਂ ਦਾ ਘਾਣ ਹੋਇਆ, ਪੰਜਾਬ ਵਿਚ ਘਰ-ਘਰ ਵੈਣ ਪਏ, ਸਿੱਖ ਜੁਆਨੀ ਬੇਰੁਜ਼ਗਾਰੀ ਕਾਰਨ ਕੁਰਾਹੇ ਪੈ ਗਈ।ਨਸ਼ਿਆਂ ਦੀ ਮਾਰੂ ਹਵਾ ਪੰਜਾਬ ਨੂੰ ਤਬਾਹ ਕਰ ਰਹੀ ਹੈ ।ਪੰਜਾਬ ਦੇ ਬਿਜਲੀ ਪਾਣੀ, ਰਾਜਧਾਨੀ ਆਦਿ ਨਹੀਂ ਮਿਲੇ। ਸਿਖਾਂ ਦੇ ਕਾਤਲਾਂ ਨੂੰ ਕੋਈ ਸਜਾ ਨਹੀਂ ਮਿਲੀ। ਥਾਂ-ਥਾਂ ਡੇਰੇਦਾਰੀ , ਪਾਖੰਡੀ ਗੁਰੂ ਸਿੱਖੀ ਰਵਾਇਤਾਂ ਨੂੰ ਢਾਹ ਲਾ ਰਹੇ ਹਨ। ਗੁਰਬਾਣੀ ਦੇ ਪਾਠ ਵੇਚੇ ਅਤੇ ਖਰੀਦੇ ਜਾ ਰਹੇ ਹਨ। ਅੰਮ੍ਰਿਤ ਛਕਣਾ ਇੱਕ ਵਿਖਾਵਾ ਬਣ ਚੁੱਕਾ ਹੈ। ਗੁਰਬਾਣੀ ਵਿਚਾਰ ਕੇ, ਸਮਝ ਕੇ ਪੜਨੀ, ਉਸ ਤੋਂ ਸੇਧ ਲੈ ਕੇ ਗੁਰਮੁਖੀ ਜੀਵਨ ਬਣਾਉਣ ਦੀ ਗਲ ਕਦੇ ਦੀ ਵਿਸਰ ਚੁੱਕੀ ਹੈ। ਅਨੇਕ ਫਿਰਕਿਆਂ, ਜਥੇਬੰਦੀਆਂ, ਟਕਸਾਲਾਂ ਡੇਰਿਆਂ ਦੀ ਆਪੋ ਆਪਣੀ ਡਫਲੀ ਵਜ ਰਹੀ ਹੈ। ਧਾਰਮਕ ਮੁਖੀ ਨਾ ਅਹਿਲ ਹਨ, ਰਾਜਸੀ ਲੋਕ ਖੁਦਗਰਜ਼ ਹਨ। ''ਮੀਰੀ-ਪੀਰੀ'' ਇਕਠੀ ਦਾ ਬਹਾਨਾ ਲਾਕੇ ਧਰਮ ਨੂੰ ਰਾਜਸੀ ਲੋਕਾਂ ਨੇ ਅਪਣੇ ਅਧੀਨ ਕਰ ਲਿਆ ਹੈ। ਤਾਕਤਵਰ ਰਾਜਸੀ ਲੋਕ ਗੁਰਮਤਿ ਦੇ ਅਸੂਲਾਂ ਤੋਂ ਬਾਗੀ ਹਨ। ਜੇ ਕੋਈ ਗੁਰੂ ਪਿਆਰ ਵਾਲਾ ਦਰਦੀ ਜ਼ਬਾਨ ਖੋਲੇ ਸੰਗਤਾਂ ਨੂੰ ਚੇਤੰਨ ਕਰੇ ਤਾਂ ਉਸ ਵਿਰੱਧ ਹੁਕਮਨਾਮੇ ਦਾ ਸੋਟਾ ਵਰਤਿਆ ਜਾਂਦਾ ਹੈ। ਪੰਥ ਵਿਚੋਂ ਛੇਕਣ ਵਰਗੇ ਪਾਪ ਕੀਤੇ ਜਾਂਦੇ ਹਨ। ਧਾਰਮਕ ਮੁਖੀ ਤੇ ਰਾਜਨੀਤਕ ਆਗੂ ਖੁਦ ਧਰਮ ਤੋਂ ਕਦੇ ਦੇ ਮੂੰਹ ਮੋੜ ਚੁੱਕੇ ਹਨ।
ਇਨ੍ਹਾਂ ਕੁਝ ਗੰਭਰਿ ਮਸਲਿਆਂ ਤੇ ਆਉ ਨੰਬਰਵਾਰ ਸੰਖ਼ੇਪ ਵਿਚ ਇਕ-ਇਕ ਨੁਕਤੇ ਬਾਰੇ ਵਿਚਾਰ ਕਰੀਏ:-
ਕਿਸੇ ਜ਼ਮਾਨੇ ਵਿਚ ਅਕਾਲੀ ਫੂਲਾ ਸਿੰਘ, ਬਾਬਾ ਦੀਪ ਸਿੰਘ ਵਰਗੇ ਸੂਰਮੇ ਧਰਮ ਦੇ ਅਸੂਲਾਂ ਤੇ ਪਹਿਰਾਂ ਦਿੰਦਿਆਂ ਕੋਈ ਭੀ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦੇ ਸਨ। ਸ਼ਹੀਦੀ ਭੀ ਪ੍ਰਵਾਨ ਕਰ ਲੈਂਦੇ ਸਨ, ਪਰ ਸਿੱਖੀ ਅਸੂਲਾਂ ਵਿਚ ਕਮੀ ਨਹੀਂ ਆਉਣ ਦਿੰਦੇ ਸਨ। ਕੀ ਅੱਜ ਦੇ ਸਾਡੇ ਧਾਰਮਿਕ ਆਗੂ ਉਨ੍ਹਾਂ ਅਸੂਲਾਂ ਤੇ ਚੱਲਣ ਵਾਲੇ ਹਨ?
ਅੱਜ ਸਾਡੇ ਧਾਰਮਿਕ ਮੁਖੀਆਂ ਤੇ ਰਿਸ਼ਵਤ ਦੇ ਇਲਜ਼ਾਮ ਲੱਗਦੇ ਹਨ, ਪੱਖਪਾਤ ਕਰਨ ਦੀਆਂ ਕਨਸੋਆਂ ਆਉਂਦੀਆਂ ਹਨ। ਦੇਸ਼-ਵਿਦੇਸ਼ ਵਿਚੋਂ ਧਰਮ ਦੇ ਨਾਂ ਤੇ ਇਕੱਠਾ ਕੀਤਾ ਪੈਸਾ ਡਕਾਰ ਲਿਆ ਜਾਂਦਾ ਹੈ, ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੇ ਤੇ ਬੇਦੋਸ਼ਿਆਂ ਨੂੰ ਸਜਾ ਦਿੰਦੇ ਹਨ। ਕੀ ਅਜਿਹੇ ਧਾਰਮਿਕ ਲੋਕ ਸਿੱਖਾਂ ਦੇ ਮੁਖੀ ਹੋਣੇ ਚਾਹੀਦੇ ਹਨ?
ਧਾਰਮਿਕ ਮੁਖੀ ਉੱਚ ਕੋਟੀ ਦਾ ਵਿਦਵਾਨ ਹੋਵੇ। ਸੰਸਾਰਕ ਵਿਦਿਆ ਅਤੇ ਧਰਮ ਦਾ ਡੂੰਘਾ ਗਿਆਨ ਹੋਵੇ, ਕਈ ਹੋਰ ਬੋਲੀਆਂ ਦੀ ਜਾਣਕਾਰੀ ਹੋਵੇ, ਦੂਜੇ ਧਰਮਾਂ ਬਾਰੇ ਜਾਣਕਾਰੀ ਹੋਵੇ। ਧਰਮ ਦੀਆਂ ਬਰੀਕੀਆਂ ਸਮਝੇ ਆਪਣੇ ਗੁਰ ਭਾਈਆਂ ਤੱਕ ਮਿੱਠਤ ਨਾਲ, ਪ੍ਰਭਾਵਸ਼ਾਲੀ ਤਰੀਕੇ ਮਾਲ ਗੁਰਮਤਿ ਪੁਚਾ ਸਕਦਾ ਹੋਵੇ। ਕੀ ਅਜਿਹੇ ਗੁਣ ਸਾਡੇ ਧਾਰਮਿਕ ਮੁਖੀਆਂ ਵਿਚ ਹਨ? ਕੀ ਸਾਡੇ ਮੁਖੀ ਅਣਪੜ੍ਹ ਜਾਂ ਅਧਪੜ੍ਹ ਤਾਂ ਨਹੀਂ ਹਨ? ਕਿਤੇ ਅਜਿਹੇ ਅਧੂਰੇ ਗਿਆਨ ਵਾਲੇ ਆਗੂ ਸਿੱਖ ਸਮਾਜ ਨੂੰ ਕੁਰਾਹੇ ਤਾਂ ਨਹੀਂ ਪਾ ਰਹੇ? ਸੋਚੋ!
ਸਿੱਖਾਂ ਦੇ ਧਾਰਮਿਕ ਮੁਖੀ ਨੂੰ ਗੁਰੂ ਬਾਣੀ ਦਾ ਪੂਰਨ ਗਿਆਨ ਹੋਵੇ। ਆਪਣੇ ਸਤਿਗੁਰੂ ਜੀ ਦੇ ਉਪਦੇਸ਼ਾਂ ਤੇ ਇਤਨਾ ਭਰੋਸਾ ਹੋਵੇ ਕਿ ਬਾਕੀ ਸਾਰੀ ਦੁਨੀਆਂ ਇੱਕ ਪਾਸੇ ਹੋਵੇ ਤੇ ਸਤਿਗੁਰੂ ਦਾ ਹੁਕਮ ਇਕ ਪਾਸੇ ਹੋਵੇ, ਤੇ ਧਾਰਮਿਕ ਮੁਖੀ ਸੰਸਾਰ ਵੱਲ ਪਿਛਲੱਗ ਨਾਂ ਬਣੇ ਸਗੋਂ ਗੁਰੂ ਅਨੁਸਾਰ ਫੈਸਲੇ ਕਰਨ ਦੀ ਜੁਰਅਤ ਰੱਖਦਾ ਹੋਵੇ। ਕੀ ਅੱਜ ਦੇ ਸਾਡੇ ਧਾਰਮਿਕ ਆਗੂ ਅਜਿਹੀ ਦਲੇਰੀ ਕਰਨ ਦੇ ਸਮਰੱਥ ਹਨ?
ਧਾਰਮਿਕ ਮੁਖੀ ਦੇ ਜੀਵਨ ਚਰਿੱਤਰ ਵਿਚ ਸੇਵਾ-ਸਿਮਰਨ, ਪਰਉਪਕਾਰ, ਨਿਮਰਤਾ ਡੁੱਲ-ਡੁੱਲ ਪਵੇ, ਉਸ ਦੇ ਦਰਸ਼ਨ ਕਰਦਿਆਂ ਮਨ ਨੂੰ ਸੁੱਖ ਮਿਲੇ। ਹਰ ਮਾਈ ਭਾਈ ਉਸਨੂੰ ਆਪਣਾ ਧਰਮ ਪਿਤਾ ਜਾਣਕੇ ਦਿਲ ਦੀ ਗੱਲ ਸਾਂਝੀ ਕਰ ਸਕੇ। ਅਪਣਤ ਦਾ ਅਹਿਸਾਸ ਹੋਵੇ। ਕਿਤੇ ਅੱਜ ਦੇ ਸਾਡੇ ਧਾਰਮਿਕ ਮੁੱਖੀ ਗੁੱਸੇਖੋਰ ਤੇ ਹੰਕਾਰੀ ਤਾਂ ਨਹੀਂ? ਉਨ੍ਹਾਂ ਵਿਚ ਉੱਤਮ ਗੁਰਸਿੱਖਾਂ ਵਾਲੇ ਗੁਣ ਹੈਨ? ਜੇ ਨਹੀਂ ਤਾਂ ਕੀ ਉਹ ਧਰਮ ਮੁਖੀ ਹੋਣ ਦੇ ਯੋਗ ਹਨ, ਸੋਚੋ!
ਧਰਮ ਮੁਖੀ ਵਿਚ ਅਜਿਹੀ ਯੋਗਤਾ ਹੋਵੇ ਕਿ ਆਪਣਿਆਂ-ਬੇਗਾਨਿਆਂ ਨੂੰ ਇਕਸਾਰ ਪਿਆਰ ਕਰਨ ਵਾਲਾ ਹੋਵੇ। ਗੁਰਮਤਿ ਦੀਆਂ, ਸਤਿਗੁਰੂ ਜੀ ਵੱਲੋਂ ਦਰਸਾਈਆਂ ਵਿਧੀਆਂ ਵਰਤ ਕੇ, ਸਮੁੱਚੇ ਸਿੱਖ ਪੰਥ ਨੂੰ ਏਕੇ ਦੇ ਸੂਤਰ ਵਿਚ ਪਰੋ ਕੇ ਰੱਖਣ ਦੇ ਸਮਰੱਥ ਹੋਵੇ। ਭੁੱਲਿਆਂ ਨੂੰ ਉਗਲ ਫੜਕੇ ਰਾਹ ਪਾਉਣ ਵਾਲਾ ਹੋਵੇ। ਕੌੜੇ ਬਚਨ ਬੋਲਣ ਵਾਲਾ ਜਾਂ ਗੁੱਸੇਖ਼ੋਰ ਮੁਖੀ ਨਹੀਂ ਚਾਹੀਦਾ, ਜੋ ਸਮਾਜ ਨੂੰ ਨੁਕਸਾਨ ਪੁਚਾਵੇ। ਕੀ ਅਜ ਸਿੱਖਾਂ ਦੇ ਮੁਖੀ ਅਜਿਹੇ ਹਨ?
ਧਾਰਮਿਕ ਮੁਖੀ ਦਾ ਪਵਿੱਤਰ ਫਰਜ਼ ਹੈ ਆਪਣੇ ਸਤਿਗੁਰੂ ਜੀ ਪ੍ਰਤੀ ਵਫਾਦਾਰ ਰਹਿਣਾ। ਗੁਰਬਾਣੀ ਦੇ ਚਾਨਣ ਵਿਚ ਫੈਸਲੇ ਲੈ ਸਕਣ ਦੀ ਯੋਗਤਾ ਰੱਖੇ, ਹਾਲਾਤ ਭਾਵੇਂ ਕਿੰਨੇ ਭੀ ਖ਼ਤਰਨਾਕ ਕਿਉਂ ਨਾ ਹੋਣ। ਕਿਤੇ ਸਾਡੇ ਅੱਜ ਦੇ ਧਾਰਮਿਕ ਮੁਖੀ ਰਾਜਨੀਤਿਕ ਲੋਕਾਂ ਦੇ ਗੁਲਾਮ ਤਾਂ ਨਹੀਂ? ਕੀ ਉਹ ਧਾਰਮਿਕ ਕੰਮ ਰਾਜਸੀ ਲੋਕਾਂ ਦੇ ਆਖੇ ਲੱਗ ਕੇ ਤਾਂ ਨਹੀਂ ਕਰ ਰਹੇ? ਕੀ ਧਾਰਮਿਕ ਆਗੂ ਬੇਈਮਾਨ ਰਾਜਸੀ ਆਗੂਆਂ ਨੂੰ ਸਿੱਧੇ ਰਾਹ ਪਾ ਸਕਦੇ ਹਨ? ਇੰਨੀ ਦਲੇਰੀ ਕਰ ਸਕਦੇ ਹਨ? ਸੋਚੋ!
ਕਿਤੇ ਅੱਜ ਦੇ ਧਾਰਮਿਕ ਆਗੂ ਸਤਿਗੁਰੂ ਜੀ ਦੇ ਸੇਵਕ ਹੋਣ ਦੇ ਥਾਵੇਂ, ਗੁਰਬਾਣੀ ਮੁਤਾਬਕ ਜੀਵਨ ਜਿਊਣ ਦੀ ਥਾਵੇਂ, ਗੁਰੂ ਦੀ ਬਰਾਬਰੀ ਕਰਨ ਦਾ ਪਾਪ ਤਾਂ ਨਹੀਂ ਕਰ ਰਹੇ? ਕੀ ਦੋ-ਚਾਰ ਗ੍ਰੰਥੀ ਰਲ਼ ਕੇ ਕੋਈ ''ਹੁਕਮਨਾਮਾ'' ਜਾਰੀ ਕਰ ਸਕਦੇ ਹਨ? ਸਭ ਤੋਂ ਉੱਤਮ ਹੁਕਮਨਾਮਾ ਤਾਂ ਗੁਰਬਾਣੀ ਦਾ ਹੈ, ਫਿਰ ਇਨ੍ਹਾਂ ਨੂੰ ਸੇਵਕ ਹੋ ਕੇ ਹਾਕਮਾਂ ਵਰਗਾ ਵਰਤਾਓ ਕਰਨ ਦੀ ਆਗਿਆ ਕਿਵੇਂ ਮਿਲ ਗਈ? ਹੁਕਮਨਾਮੇ ਕਿਵੇਂ ਕੱਢਣ ਲੱਗ ਪਏ?
ਜਦੋਂ ਗੁਰਮਤਿ ਬਾਰੇ ਕੋਈ ਮਸਲਾ ਉਤਪਨ ਹੋ ਜਾਵੇ ਤਾਂ ਸਰਬੱਤ ਖ਼ਾਲਸਾ ਦਾ ਵੱਡਾ ਇਕੱਠ ਸੱਦ ਕੇ ਪੰਥ ਦੀ ਸਾਂਝੀ ਰਾਏ ਵਾਲੇ ਫੈਸਲੇ ਕੀਤੇ ਜਾਂਦੇ ਸਨ। ਪੰਥ ਦਾ ਧਾਰਮਿਕ ਆਗੂ ਉਨ੍ਹਾਂ ਸਰਬ ਸੰਮਤੀ ਵਾਲੇ ਮਤਿਆਂ ਨੂੰ ਪੜ੍ਹਕੇ ਸੁਣਾ ਦਿਆਂ ਕਰਦਾ ਸੀ। ਅੱਜ-ਕੱਲ੍ਹ ਪੰਜ-ਛੇ ਪੁਜਾਰੀ ਰਲ ਕੇ ਫੈਸਲੇ ਕਿਉਂ ਕਰਨ ਲੱਗ ਪਏ ਹਨ? ਦਿਵਾਲੀ-ਵਿਸਾਖੀ ਨੂੰ ਸਰਬੱਤ ਖ਼ਾਲਸਾ ਕਿਉਂ ਨਹੀਂ ਸੱਦਿਆ ਜਾਂਦਾ?
ਸਤਿਗੁਰੂ ਜੀ ਨੇ ਸਿੱਖਾਂ ਨੂੰ ਸਾਰੀਆਂ ਗੁਲਾਮੀਆਂ ਤੋਂ ਸੁਤੰਤਰ ਕਰ ਦਿੱਤਾ ਹੈ। ਦੇਵੀਆਂ ਦੇਵਤਿਆਂ ਦੀ, ਮੜ੍ਹੀਆਂ ਕਬਰਾਂ, ਵਰਤਾਂ, ਸਮਾਧਾਂ ਦੀ, ਤੀਰਥਾਂ ਸਰੋਵਰਾਂ ਦੀ, ਸਾਧਾਂ-ਸੰਤਾਂ ਦੀ, ਰਾਜਸੀ, ਸਮਾਜਕ ਅਤੇ ਧਾਰਮਿਕ ਤੌਰ ਤੇ ਪੂਰੀ ਤਰ੍ਹਾਂ ਆਜ਼ਾਦ ਕਰ ਦਿੱਤਾ ਹੈ। ਮੰਜੀਦਾਰ ਤੇ ਮਸੰਦ ਖ਼ਤਮ ਕਰਕੇ ਸਿੱਖਾਂ ਨੂੰ ਖ਼ਾਲਸੇ ਬਣਾ ਦਿੱਤਾ। ਖ਼ਾਲਸਾ ਸਿੱਧਾ ਅਕਾਲ ਪੁਰਖ ਨਾਲ ਜੁੜਿਆਂ ਹੁੰਦਾ ਹੈ। ਕਿਸੇ ਪੁਜਾਰੀ ਜਾਂ ਜਥੇਦਾਰ ਅੱਗੇ ਜੁਵਾਬਦੇਹ ਨਹੀਂ ਹੈ। ਇਸੇ ਖ਼ਾਲਸੇ ਨੇ ਰਾਜਸੀ ਗੁਲਾਮੀ ਨੂੰ ਖ਼ਤਮ ਕੀਤਾ। ਸੰਨ 1920 ਤੋਂ 1925 ਤੱਕ ਮਹੰਤਾਂ ਵਿਰੁੱਧ ਮੋਰਚੇ ਲਾ ਕੇ ਗੁਰੂ ਘਰਾਂ ਨੂੰ ਅਤੇ ਸਿੱਖ ਸਮਾਜ ਨੂੰ ਆਜ਼ਾਦ ਕੀਤਾ। ਪਰ ਪ੍ਰਚਾਰ ਨਾਂ ਹੋਣ ਕਰਕੇ ਸਿੱਖਾਂ ਵਿਚ ਫਿਰ ਤੋਂ ਪੁਜਾਰੀ ਤਬਕਾ ਪੈਦਾ ਹੋ ਗਿਆ ਹੈ। ਹੁਣ ਫਿਰ ਖ਼ਾਲਸਾ ਪੰਥ ਪੁਜਾਰੀਆਂ ਜਾਂ ਰਾਜਸੀ ਲੋਕਾਂ ਦਾ ਗ਼ੁਲਾਮ ਕਿਉਂ ਹੋਵੇ? ਸਤਿਗੁਰੂ ਜੀ ਦੀ ਪਵਿੱਤਰ ਬਾਣੀ ਤੋਂ ਸੇਧ ਲੈ ਕੇ ਸਿੱਧਾ ਅਕਾਲ ਪੁਰਖ ਨਾਲ ਸਬੰਧਤ ਹੋਵੇ। ਕੀ ਧਾਰਮਿਕ ਆਗੂ ਸਿੱਖਾਂ ਨੂੰ ਜਿਹਨੀ ਗ਼ੁਲਾਮੀ ਵੱਲ ਤਾਂ ਨਹੀਂ ਧੱਕ ਰਹੇ? ਸੋਚੋ!
ਧਾਰਮਿਕ ਆਗੂ ਦਾ ਇਹ ਪ੍ਰਥਮ ਪਵਿੱਤਰ ਫਰਜ ਹੈ ਕਿ ਪੰਥ ਪ੍ਰਵਾਣਿਤ ''ਸਿੱਖ ਰਹਿਤ-ਮਰਿਯਾਦਾ'' ਨੂੰ ਖ਼ੁਦ ਪੂਰਨ ਤੌਰ ਤੇ ਸਵੀਕਾਰ ਕਰੇ, ਅਤੇ ਸਾਰੇ ਗੁਰੂ ਨਾਨਕ ਨਾਮ ਲੇਵਾ ਮਾਈ-ਭਾਈ ਨੂੰ ਪਿਆਰ ਕਲਾਵੇ ਵਿਚ ਲੈ ਕੇ ਉਸੇ ਮਰਿਯਾਦਾ ਮੁਤਾਬਕ ਚੱਲਣ ਲਈ ਪ੍ਰੇਰਿਤ ਕਰੇ। ਡੇਰਿਆਂ, ਜਥੇਬੰਦੀਆਂ, ਟਕਸਾਲਾਂ, ਨਿਹੰਗਾਂ ਅਤੇ ਦੇਸ਼-ਵਿਦੇਸ਼ ਦੇ ਸਾਰੇ ਗੁਰੂ ਘਰਾਂ ਵਿਚ ਇਸ ਰਹਿਤ ਮਰਯਾਦਾ ਨੂੰ ਹਰ ਹੀਲੇ ਲਾਗੂ ਕੀਤਾ ਜਾਵੇ। ਅੱਡੋ-ਅੱਡ ਮਰਯਾਦਾਵਾਂ ਨਾਲ ਪੰਥ ਖੇਰੂ-ਖੇਰੂ ਹੋ ਰਿਹਾ ਹੈ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭੀ ਪੰਥ ਪ੍ਰਵਾਨਿਤ ਮਰਯਾਦਾ ਲਾਗੂ ਕਿਉਂ ਨਹੀਂ ਹੈ? ਸਾਡੇ ਧਾਰਮਿਕ ਮੁਖੀਆਂ ਦੀਆਂ ਅੱਖਾਂ ਸਾਹਮਣੇ ਕੁਕਰਮ, ਪਾਪ ਹੋਈ ਜਾਂਦੇ ਹਨ ਉਹ ਮੂਕ ਦਰਸ਼ਕ ਬਣੇ ਖਲੋਤੇ ਵੇਖਦੇ ਰਹਿੰਦੇ ਹਨ। ਕੀ ਇਸ ਤਰ੍ਹਾਂ ਦੇ ਵਿਅਕਤੀ ਸਿੱਖਾਂ ਦੇ ਧਾਰਮਿਕ ਮੁਖੀ ਹੋ ਸਕਦੇ ਹਨ? ਧਾਰਮਿਕ ਮੁਖੀ ਕਿਹੋ ਜਿਹਾ ਹੋਵੇ, ਉਨ੍ਹਾਂ ਦੀ ਚੋਣ ਕਿਵੇਂ ਕੀਤੀ ਜਾਵੇ, ਉਨ੍ਹਾਂ ਦੇ ਫਰਜ਼ ਤੇ ਯੋਗਤਾਵਾਂ ਕੀ ਹੋਣ ਅਤੇ ਸਰਬੱਤ ਖ਼ਾਲਸਾ ਬਾਰੇ ਮੁਕੰਮਲ ਜਾਣਕਾਰੀ ਲੈਣ ਲਈ ਇਹ ਸਵਾਲ ਤੁਹਾਡੇ ਸਨਮੁੱਖ ਰੱਖੇ ਹਨ।
|